News









ਕਾਲੇ ਦਿਵਸ ਵਜੋਂ ਮਨਾਈ ਪਹਿਲੀ ਅਪਰੈਲ
ਮੋਦੀ ਸਰਕਾਰ ਵੱਲੋਂ ਚਾਰ ਲੇਬਰ ਕੋਡ ਲਾਗੂ ਕਰਨ ਖ਼ਿਲਾਫ਼ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਵੱਖ-ਵੱਖ ਯੂਨੀਅਨਾਂ ਨੇ ਅੱਜ ਪਹਿਲੀ ਅਪਰੈਲ ਨੂੰ ਕਾਲ਼ੇ ਦਿਵਸ ਵਜੋਂ ਮਨਾਇਆ। ਇਸ ਦੌਰਾਨ ਰੋਸ ਮਾਰਚ ਕਰਦਿਆਂ ਡੀ ਸੀ ਦਫ਼ਤਰ ਅੱਗੇ ਪੁੱਜੇ ਪ੍ਰਦਰਸ਼ਨਕਾਰੀਆਂ ਨੇ ਰੋਸ ਰੈਲੀ ਕੀਤੀ ਤੇ ਕੇਂਦਰ ਸਰਕਾਰ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਨ੍ਹਾਂ ਪ੍ਰਰਦਸ਼ਨਾਂ ’ਚ ਏਟਕ, ਇੰਟਕ, ਸੀਟੂ, ਇਫਟੂ ਤੇ ਸੀ ਟੀ ਯੂ ਪੰਜਾਬ ਤੋਂ ਇਲਾਵਾ ਪ ਸ ਸ ਫ 1680, 22ਬੀ ਦੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਹਿੱਸਾ ਲਿਆ।

ਰੈਲੀ ਨੂੰ ਨਿਰਮਲ ਧਾਲੀਵਾਲ (ਏਟਕ), ਦਰਸ਼ਨ ਸਿੰਘ ਲੁਬਾਣਾ (ਪ੍ਰਧਾਨ ਪ ਸ ਸ ਫ), ਹਰਦੀਪ ਸਿੰਘ ਟੋਡਰਪੁਰ (ਡੀ ਟੀ ਐੱਫ), ਉਤਮ ਸਿੰਘ ਬਾਗੜੀ (ਟਰੇਡ ਯੂਨੀਅਨ ਕੌਂਸਲ ਪਟਿਆਲਾ), ਬਲਦੇਵ ਰਾਜ (ਇੰੰਟਕ), ਤਰਸੇਮ ਸਿੰਘ (ਸੀਟੂ), ਸ੍ਰੀਨਾਥ (ਇਫਟੂ) ਅਤੇ ਧਰਮਵੀਰ ਹਰੀਗੜ੍ਹ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਦੇਣ ਅਤੇ ਉਨ੍ਹਾਂ ਦੇ ਰਸਤੇ ਵਿੱਚੋਂ ਹੱਕ ਮੰਗਣ ਵਾਲੀਆਂ ਟਰੇਡ ਯੂਨੀਅਨਾਂ ਅਤੇ ਵਰਕਰਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਲਈ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਵਿੱਚ ਸਮੇਟਦਿਆਂ ਆਪਣਾ ਮਜ਼ਦੂਰ ਜਮਾਤ ਵਿਰੋਧੀ ਚਿਹਰਾ ਨੰਗਾ ਕਰਨ ਵਿੱਚ ਕੋਈ ਸੰਕੋਚ ਨਹੀਂ ਕੀਤਾ। ਜਿਸ ਰਾਹੀਂ ਟਰੇਡ ਯੂਨੀਅਨ ਬਣਾਉਣਾ ਮੁਸ਼ਕਲ ਕਰ ਦੇਣਾ, ਘੱਟੋ-ਘੱਟ ਉਜਰਤਾਂ ’ਤੇ ਹਮਲਾ, ਹੜਤਾਲ ਦੇ ਹੱਕ ਨੂੰ ਬੇਅਸਰ ਕਰਨਾ, ਛਾਂਟੀ ਕਰਨ ਦੀ ਖੁੱਲ੍ਹ ਦੇਣਾ, ਫਿਕਸ ਟਰਮ ਐਂਪਲਾਇਮੈਂਟ ਰਾਹੀਂ ਨੌਕਰੀ ਦੀ ਸੁਰੱਖਿਆ ਖਤਮ ਕਰਨਾ, 42 ਫੀਸਦੀ ਸਨਅਤਾਂ ਨੂੰ ਲੇਬਰ ਕਾਨੂੰਨਾਂ ਵਿਚੋਂ ਬਾਹਰ ਕਰਨਾ, ਔਰਤਾਂ ਨੂੰ ਰਾਤ ਦੀਆਂ ਸ਼ਿਫਟਾਂ ਵਿੱਚ ਤਾਇਨਾਤ ਕਰਨਾ, ਕਾਰਖਾਨੇਦਾਰਾਂ ਵਲੋਂ ਕੀਤੀਆਂ ਜਾਂਦੀਆਂ ਉਲੰਘਣਾਵਾਂ ਬਦਲੇ ਸਜ਼ਾਵਾਂ ਖਤਮ ਕਰਨਾ ਆਦਿ ਸੋਧਾਂ ਕਰਕੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰਾਂ ਵਰਗੇ ਹਾਲਤਾ ਵਿੱਚ ਧੱਕ ਦਿੱਤਾ ਹੈ।
 

 
ਆਗੂਆਂ ਨੇ ਵਰਕਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸਖਤ ਸਾਂਝੇ ਸੰਘਰਸ਼ ਕੀਤੇ ਬਿਨਾਂ ਅਤੇ ਵਿਸ਼ਾਲ ਏਕਤਾ ਤੋਂ ਬਿਨਾਂ ਕੋਈ ਚਾਰਾ ਨਹੀਂ। ਇਸ ਮੌਕੇ ਵਿਕਰਮਦੇਵ, ਗੁਰਵਿੰਦਰ ਗੋਲਡੀ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਦੀਪ ਚੰਦ ਹੰਸ ਅਤੇ ਸੂਰਜ ਦੇਵ ਵੀ ਸ਼ਾਮਲ ਸਨ।
 
ਲੌਂਗੋਵਾਲ (ਰਘਵੀਰ ਸਿੰਘ ਚੰਗਾਲ): ਨੇੜਲੇ ਪਿੰਡ ਬਡਬਰ ਵਿੱਚ ਮਗਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਨੇ ਅੱਜ ਮਜ਼ਦੂਰ ਵਿਰੋਧੀ ਨਵੇਂ ਚਾਰ ਲੇਬਰ ਕੋਡ ਲਾਗੂ ਕਰਨ ਖ਼ਿਲਾਫ਼ ਲੇਬਰ ਕੋਡਾਂ ਦੀਆਂ ਕਾਪੀਆਂ ਫੂਕ ਕੇ ਕਾਲਾ ਦਿਨ ਮਨਾਇਆ। ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ, ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਉੱਪਲੀ ਅਤੇ ਇਕਾਈ ਪ੍ਰਧਾਨ ਸਾਥੀ ਮੱਘਰ ਸਿੰਘ ਤੋਂ ਇਲਾਵਾ ਕਿਸਾਨ ਸਾਥੀ ਨਾਹਰ ਸਿੰਘ, ਗੁਰਲਾਲ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਜਥੇਦਾਰ ਜਗਤਾਰ ਸਿੰਘ, ਰਾਮ ਸਿੰਘ ਨੰਬਰਦਾਰ, ਅਵਤਾਰ ਸਿੰਘ, ਰਾਮ ਸਿੰਘ, ਮਨਜੀਤ ਕੌਰ, ਸਾਬਕਾ ਪੰਚ ਪਰਮਜੀਤ ਕੌਰ, ਜਸਵੰਤ ਕੌਰ, ਰਾਣੀ ਕੌਰ, ਸਰਬਜੀਤ ਕੌਰ, ਬਲਵੀਰ ਸਿੰਘ ਆਦਿ ਹਾਜ਼ਰ ਸਨ। ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਮਾਤ ਦੇ ਮਸਲਿਆਂ ਦੇ ਹੱਲ ਲਈ ਉਨ੍ਹਾਂ ਦੇ ਸੰਘਰਸ਼ਾਂ ਦਾ ਡੱਟ ਕੇ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਆਂਗਣਵਾੜੀ ਵਰਕਰਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ
ਸੰਗਰੂਰ (ਗੁਰਦੀਪ ਸਿੰਘ ਲਾਲੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਨਵੇਂ ਲੇਬਰ ਕੋਡ ਦੇ ਖਿਲਾਫ ਅੱਜ ਦੇਸ਼ ਭਰ ਵਿੱਚ ਟਰੇਡ ਯੂਨੀਅਨਾਂ ਵੱਲੋਂ ਕਾਲਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਜ਼ਿਲੇ ਦੇ ਆਂਗਣਵਾੜੀ ਕੇਂਦਰਾਂ ਵਿਚ ਕਾਲਾ ਦਿਵਸ ਮਨਾਇਆ ਗਿਆ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ, ਜ਼ਿਲ੍ਹਾ ਸਕੱਤਰ ਮਨਦੀਪ ਕੁਮਾਰੀ ਅਤੇ ਖਜ਼ਾਨਚੀ ਹਰਪ੍ਰੀਤ ਕੌਰ ਛਾਜਲੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਡਿਊਟੀ ਦੌਰਾਨ ਕਾਲੀ ਪੱਟੀ ਬੰਨ੍ਹ ਕੇ ਅਤੇ ਕਾਲੀਆਂ ਚੁੰਨੀਆਂ ਲੈ ਕੇ ਕਾਲਾ ਦਿਵਸ ਮਨਾਉਂਦਿਆਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਨਵੇਂ ਕਿਰਤ ਕਾਨੂੰਨ (ਲੇਬਰ ਕੋਡਜ਼) ਨਾਲ ਮਜ਼ਦੂਰਾਂ ਦੀ ਸਥਿਤੀ ਸੁਧਰਨ ਦੀ ਬਜਾਏ ਉਨ੍ਹਾਂ ਨੂੰ ਪੁਰਾਣੇ ਦੌਰ ਦੀ ਗੁਲਾਮੀ ਅਤੇ ਸੋਸ਼ਣ ਵੱਲ ਧੱਕ ਰਹੀ ਹੈ। ਆਗੂਆਂ ਨੇ ਕਿਹਾ ਕਿ ਜੋ ਮਜ਼ਦੂਰ ਆਪਣੀ ਮਿਹਲਤ ਨਾਲ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਂਦੇ ਹਨ, ਹੁਣ ਉਹਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਨਾ ਕੇਵਲ ਉਨ੍ਹਾਂ ਦੀ ਮਿਹਨਤ ਦਾ ਮੁੱਲ ਘੱਟ ਹੋਵੇਗਾ, ਸਗੋਂ ਉਨ੍ਹਾਂ ਦੇ ਇਕਜੁੱਟ ਹੋਣ ਅਤੇ ਆਪਣੀਆਂ ਮੰਗਾਂ ਨੂੰ ਰੱਖਣ ਦੀ ਤਾਕਤ ਵੀ ਕਮਜੋਰ ਹੋ ਜਾਵੇਗੀ। ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਨਵੇਂ ਲੇਬਰ ਕੋਡ ਵਾਪਸ ਲਏ ਜਾਣ। ਆਗੂਆਂ ਨੇ ਸਮੂਹ ਵਰਕਰਾਂ, ਹੈਲਪਰ, ਕਿਰਤੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਵੇਂ ਲੋਕ ਵਿਰੋਧੀ ਕਾਨੂੰਨ ਖਿਲਾਫ ਇਕ ਜੁੱਟ ਹੋ ਕੇ ਹੋਰ ਵੱਡੇ ਸੰਘਰਸ਼ਾਂ ਵਿੱਚ ਕੁੱਦਣ ਤਾਂ ਜੋ ਅਧਿਕਾਰਾਂ ਨੂੰ ਬਚਾਇਆ ਜਾ ਸਕੇ।